ਜਿਗਰ ਖਰਾਬ ਕਾਰਨ ਕੋਮਾ 'ਚ ਗਈ 17 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ

ਜਿਗਰ ਖਰਾਬ ਕਾਰਨ ਕੋਮਾ 'ਚ ਗਈ 17 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ
ਬੰਗਾ 17 ਸਤੰਬਰ () ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਪੰਜਾਬ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਟੀਮ ਜਿਗਰ ਦੀ ਬਿਮਾਰੀ ਕਾਰਨ ਕੋਮਾ ਵਿੱਚ ਗਈ ਸਤਾਰਾਂ ਸਾਲ ਉਮਰ ਦੀ ਮਰੀਜ਼ ਲੜਕੀ ਦਾ ਸਫਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ । ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਨੂੰ ਕੋਮਾ ਦੀ ਹਾਲਤ ਵਿੱਚ ਬੇਹੱਦ ਮਾੜੀ ਸਥਿਤੀ ਵਿੱਚ ਹਸਪਤਾਲ ਵਿਖੇ ਲਿਆਂਦਾ ਗਿਆ ਸੀ । ਜਿਗਰ ਦੀ ਸੋਜਿਸ਼ ਕਾਰਨ ਉਸ ਨੂੰ ਪੀਲੀਆ ਹੋ ਚੁੱਕਾ ਸੀ ਤੇ ਜਿਸ ਦਾ ਅਸਰ ਇਹ ਹੋਇਆ ਕਿ ਉਹ ਗਰੇਡ ਚਾਰ ਹੈਪਾਟਿਕ ਐਨਸੈਫਲੋਪੈਥੀ ਦੇ ਅਸਰ ਕਾਰਨ ਦਿਮਾਗ 'ਤੇ ਪਏ ਬਹੁਤ ਬੁਰੇ ਪ੍ਰਭਾਵਾਂ ਕਾਰਨ ਉਹ ਕੋਮਾ ਵਿੱਚ ਪਹੁੰਚ ਗਈ ਸੀ । ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕਰਕੇ ਇਲਾਜ ਸ਼ੁਰੂ ਕੀਤਾ ਗਿਆ । ਡਾਕਟਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਛੇ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਪ੍ਰਾਈਵੇਟ ਵਾਰਡ ਵਿੱਚ ਇਲਾਜ ਤੋਂ ਬਾਅਦ ਇਹ ਨੌਜਵਾਨ ਲੜਕੀ ਹੁਣ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ, ਨਰਸਿੰਗ ਸਟਾਫ ਅਤੇ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਡਾਕਟਰੀ ਟੀਮਾਂ ਦੀ ਯੋਗ ਰਹਿਨੁਮਾਈ ਲਈ ਧੰਨਵਾਦ ਕੀਤਾ । ਜ਼ਿਕਰਯੋਗ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ 14 ਤੋਂ ਵਧੇਰੇ ਡਾਕਟਰੀ ਵਿਭਾਗ 24 ਘੰਟੇ ਕਾਰਜਸ਼ੀਲ਼ ਹਨ ਜਿੱਥੇ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਕੀਤਾ ਰਿਹਾ ਹੈ।
ਫੋਟੋ ਕੈਪਸ਼ਨ : ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ ਤੇ ਹਸਪਤਾਲ ਸਟਾਫ

ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮ 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ

ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮ 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਬੰਗਾ 17 ਸਤੰਬਰ () ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ  ਦੀ 350 ਸਾਲਾ ਸ਼ਤਾਬਦੀ ਸ਼ਹੀਦੀ ਪੁਰਬ (ਸਾਕਾ-ਏ-ਚਾਂਦਨੀ ਚੌਂਕ) ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ 23 ਸਤੰਬਰ ਦਿਨ ਮੰਗਲਵਾਰ ਨੂੰ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਣ ਵਾਲੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ ਕੀਤਾ ਗਿਆ ਅਤੇ ਸਮਾਗਮ ਦੀ ਤਿਆਰੀ ਸਬੰਧੀ ਵਿਸ਼ੇਸ਼ ਇਕੱਤਰਤਾ ਹੋਈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 23 ਸਤੰਬਰ ਦਿਨ ਮੰਗਲਵਾਰ ਸ਼ਾਮ 5.30 ਤੋਂ ਰਾਤ 9 ਵਜੇ ਤੱਕ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਵੇਗਾ । ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਸ਼ੁੱਭਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਥ ਪ੍ਰਸਿੱਧ ਕਥਾਵਾਚਕ ਡਾ. ਸਰਬਜੀਤ ਸਿੰਘ ਰੇਣਕਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਕਥਾ ਦੁਆਰਾ ਨਿਹਾਲ ਕਰਨਗੇ।  ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਸ. ਢਾਹਾਂ ਨੇ ਦੱਸਿਆ ਕਿ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਉਹਨਾਂ ਨੇ ਮਹਾਨ ਗੁਰਮਤਿ ਸਮਾਗਮ ਵਿਚ ਇਲਾਕਾ ਨਿਵਾਸੀ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ । ਸਮਾਗਮ ਦਾ ਬੈਨਰ ਜਾਰੀ ਕਰਨ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ,  ਪ੍ਰਿੰਸੀਪਲ ਰਮਨਦੀਪ ਕੌਰ  ਗੁਰੂ ਨਾਨਕ ਕਾਲਜ ਆਫ ਨਰਸਿੰਗ, ਜਸਵੀਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ ਵੀ ਹਾਜ਼ਰ ਸਨ ।
ਕੈਪਸ਼ਨ- ਮੀਟਿੰਗ ਉਪਰੰਤ  ਗੁਰਮਤਿ ਸਮਾਗਮ ਦਾ ਬੈਨਰ ਜਾਰੀ ਕਰਨ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ 

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਨਿਯੁਕਤ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਨਿਯੁਕਤ*
ਬੰਗਾ 13 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਈਟੀਸ਼ੀਅਨ ਵਿਭਾਗ ਵਿਚ ਡਾ. ਕਨਵ ਸ਼ਰਮਾ ਨੂੰ ਸੀਨੀਅਰ ਡਾਈਟੀਸ਼ੀਅਨ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣਾ ਕਾਰਜ ਭਾਰ ਸੰਭਾਲ ਕੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਕਲੇਰਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਡਾ. ਕਨਵ ਸ਼ਰਮਾ ਮਾਹਿਰ ਡਾਈਟੀਸ਼ੀਅਨ ਹਨ ਅਤੇ ਉਹਨਾਂ ਫੂਡ ਐਂਡ ਨਿਊਟ੍ਰੀਸ਼ਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ ਟੈਸਮਾਨ ਇੰਟਰਨੈਸ਼ਨਲ ਆਕਲੈਂਡ, ਨਿਊਜ਼ੀਲੈਂਡ ਅਤੇ ਸੀ.ਪੀ.ਡੀ. ਯੂ.ਕੇ ਤੋਂ ਮਾਨਤਾ ਪ੍ਰਾਪਤ ਵਿਸ਼ੇਸ਼ ਕੋਰਸ ਕੀਤੇ ਹਨ । ਡਾ. ਢਾਹਾਂ ਨੇ ਅੱਗੇ ਦੱਸਿਆ ਕਿ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ, ਲੋਕਾਂ ਦੀ ਜ਼ਿੰਦਗੀ 'ਚ ਭੱਜ-ਦੌੜ ਤੇ ਤਣਾਅ ਵੱਧ ਰਿਹਾ ਹੈ, ਤਾਂ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਬਹੁਤ ਜ਼ਰੂਰਤ ਹੁੰਦੀ ਹੈ । ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਹਰ ਸੋਮਵਾਰ ਨੂੰ 09 ਤੋਂ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਗਰਭਵਤੀ ਮਹਿਲਾਵਾਂ, ਨਵਜਾਤ ਬੱਚਿਆਂ ਲਈ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਲਈ ਉਹਨਾਂ ਦੀ ਬਿਮਾਰੀ ਅਨੁਸਾਰ ਸਹੀ ਖਾਣ-ਪੀਣ, ਮਾਨਸਿਕ ਤਣਾਅ ਦੇ ਮਰੀਜ਼ਾਂ, ਅਪਰੇਸ਼ਨ ਬਾਅਦ ਸੁਤੰਲਿਤ ਖੁਰਾਕ, ਖਿਡਾਰੀਆਂ, ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ‍ ਮਿਲਿਆ ਕਰਨਗੇ ।
ਤਸਵੀਰ : ਡਾ. ਕਨਵ ਸ਼ਰਮਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਉ. ਪੀ. ਡੀ. ਵਿੱਚ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ  ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ
ਬੰਗਾ 8 ਸਤੰਬਰ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਫਿਜ਼ੀਉਥੈਰਾਪੀ ਵਿਭਾਗ ਵਿਚ ਅੱਜ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਮੈਡਮ ਸਰਬਜੀਤ ਕੌਰ ਡੀ ਐਨ ਐਸ ਸ਼ਾਮਿਲ ਸਨ।  ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਦੀਆਂ ਵਧਾਈਆਂ ਦਿੰਦੇ ਕਿਹਾ ਫਿਜ਼ੀਉਥੈਰਾਪੀ ਇਲਾਜ ਪ੍ਰਣਾਲੀ ਸਰੀਰ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ । ਫਿਜ਼ੀਉਥੈਰਾਪੀ ਐਕਸਰਸਾਈਜ਼ਾਂ ਸਰੀਰ ਦੇ ਕਈ ਪ੍ਰਕਾਰ ਦੇ ਗੁੰਝਲਦਾਰ ਰੋਗਾਂ ਅਤੇ ਅਪਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਨੂੰ ਚੱਲਣ ਫਿਰਨ ਦੇ ਕਾਬਲ ਬਣਾਉਣ ਅਤੇ ਸਿਹਤਯਾਬ ਕਰਨ ਲਈ ਬਹੁਤ ਕਾਮਯਾਬ ਹਨ । ਇਸ ਮੌਕੇ ਹਸਪਤਾਲ ਦੇ ਫਿਜ਼ੀਉਥੈਰਾਪੀ ਮਾਹਿਰਾਂ ਡਾ. ਰਵੀਨਾ, ਡਾ ਤਨਪ੍ਰੀਤ ਕੌਰ ਅਤੇ ਡਾ. ਜ਼ੁਬੈਰ ਅਹਿਮਦ ਭੱਟ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਬਾਰੇ ਚਾਨਣਾ ਪਾਉਂਦੇ ਇਸ ਦੀ ਮਹੱਤਤਾ ਅਤੇ ਮੈਡੀਕਲ ਖੇਤਰ ਵਿਚ ਇਸ ਦੀ ਵੱਧ ਰਹੀ ਜ਼ਰੂਰਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਾਲ 2025 ਦੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦਾ ਥੀਮ "ਸਿਹਤਮੰਦ ਬਜ਼ੁਰਗ " ਹੈ, ਜਿਸ ਵਿੱਚ ਬਜ਼ੁਰਗਾਂ ਵਿੱਚ ਕਮਜ਼ੋਰੀ ਅਤੇ ਡਿੱਗਣ ਨੂੰ ਰੋਕਣ 'ਤੇ ਖਾਸ ਧਿਆਨ ਦਿੱਤਾ ਗਿਆ ਹੈ । ਇਹ ਥੀਮ ਲੋਕਾਂ ਦੀ ਉਮਰ ਵਧਣ ਦੇ ਨਾਲ-ਨਾਲ ਉਹਨਾਂ ਦੀ ਤਾਕਤ, ਸੰਤੁਲਨ ਅਤੇ ਗਤੀਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਫਿਜ਼ੀਓਥੈਰੇਪੀ ਦੀ ਮਹੱਤਵਪੂਰਨ ਭੂਮਿਕਾ ਨੂੰ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਿਜ਼ੀਓਥੈਰੇਪੀ ਇਲਾਜ ਪ੍ਰਣਾਲੀ ਵੱਖ ਵੱਖ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਬਹੁਤ ਸਹਾਈ ਹੈ । ਇਸ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਫਿਜ਼ੀਉਥੈਰਾਪੀ ਵਿਭਾਗ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀਆਂ ਸੇਵਾਵਾਂ ਮੁਹੱਈਆਂ ਕਰਵਾ ਰਿਹਾ ਹੈ। ਸਮਾਗਮ ਦੇ ਅੰਤ ਵਿਚ ਡਾ. ਬਲਵਿੰਦਰ ਸਿੰਘ ਡੀ ਐਮ ਐਸ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ ਅਤੇ ਮੈਡੀਕਲ ਸਟਾਫ ਮੈਂਬਰ ਹਾਜ਼ਰ ਸਨ।
ਤਸਵੀਰ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਏ ਫਿਜ਼ੀਉਥੈਰਾਪੀ ਦਿਵਸ ਦੀਆਂ ਝਲਕੀਆਂ

Fwd: English & Punjabi Press Release with Photos :: Sukhbir S Badal demands a Rs 20,000 crore flood relief & rehabilitation package for Punjab.

ਪੰਜਾਬ ਨੂੰ ਹੜ੍ਹਾਂ ਤੋਂ ਰਾਹਤ ਤੇ ਮੁੜ ਵਸੇਬੇ ਵਾਸਤੇ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਕਿਸਾਨਾਂ ਦਾ ਬੈਂਕਾਂ ਤੇ ਸਹਿਕਾਰੀ ਸਭਾਵਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਕੀਤੀ ਮੰਗ

ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਯੋਜਨਾ ਉਲੀਕਣ ਵਾਸਤੇ ਭਲਕੇ ਪਾਰਟੀ ਦੀ ਐਮਰਜੰਸੀ ਮੀਟਿੰਗ ਸੱਦਣ ਦਾ ਕੀਤਾ ਐਲਾਨ

ਵੱਖ-ਵੱਖ ਥਾਈ ਬੰਨਾਂ ਦੀ ਮਜ਼ਬੂਤੀ ਵਾਸਤੇ ਲੱਖਾਂ ਰੁਪਏ ਨਗਦ ਦਿੱਤੇ ਅਤੇ ਹਜ਼ਾਰਾਂ ਲੀਟਰ ਡੀਜ਼ਲ ਦੇਣ ਦਾ ਕੀਤਾ ਐਲਾਨ


ਸ਼ਾਹਪੁਰ/ਨਕੋਦਰ, 7 ਸਤੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਹੜ੍ਹਾਂ ਤੋਂ ਰਾਹਤ ਅਤੇ ਮੁੜ ਵਸੇਬੇ ਵਾਸਤੇ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਪੂਰਨ ਕਰਜ਼ਾ ਮੁਆਫ ਕੀਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਪੰਜਾਬ ਦੇ ਇਹਨਾਂ ਬਹਾਦਰ ਕਿਸਾਨਾਂ ਦਾ ਕਰਜ਼ਦਾਰ ਹੈ ਜਿਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਸੂਬੇ ਨੂੰ ਦੇਸ਼ ਦੇ ਅਨਾਜ ਉਤਪਾਦਕ ਸੂਬੇ ਵਿਚ ਬਦਲਿਆ, ਇਸ ਵਾਸਤੇ ਹੁਣ ਸੰਕਟ ਵੇਲੇ ਇਹਨਾਂ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਹੋਏ ਕਿਸਾਨਾਂ ਦੇ ਹੋਏ ਫਸਲੀ ਤੇ ਮਕਾਨਾਂ ਦੇ ਨੁਕਸਾਨ ਦੇ ਨਾਲ-ਨਾਲ ਮੁੜ ਸੜਕਾਂ ਬਣਾਉਣ ਤੇ ਬਿਜਲੀ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਵਾਸਤੇ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਬਹੁਤ ਵੱਡੀ ਜ਼ਰੂਰਤ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕੁਦਰਤੀ ਆਫਤਾਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਨੁਕਸਾਨ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦਾ ਪੂਰਨ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤਾਂ ਦੀ ਸਮੀਖਿਆ ਵਾਸਤੇ ਭਲਕੇ ਪਾਰਟੀ ਦੀਆਂ ਅਹਿਮ ਮੀਟਿੰਗਾਂ ਸੱਦੀਆਂ ਹਨ। ਉਹਨਾਂਕਿਹਾ  ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਅਜਿਹੀ ਯੋਜਨਾ ਤਿਆਰ ਕਰਾਂਗੇ ਕਿ ਜਿਸ ਨਾਲ ਖੇਤੀਬਾੜੀ ਜ਼ਮੀਨ ਵਿਚ ਇਕੱਠਾ ਹੋਇਆ ਰੇਤਾ ਬਾਹਰ ਕੱਢਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਵਾਸਤੇ ਵੱਡੀ ਮਸ਼ੀਨਰੀ ਵੀ ਲੱਗੇਗੀ ਤੇ ਵਾਲੰਟੀਅਰਜ਼ ਦੀ ਵੀ ਜ਼ਰੂਰਤ ਹੈ ਜਿਸ ਵਾਸਤੇ ਸਾਰੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਡਿਊਟੀਆਂ ਲਗਾਈਆਂ ਜਾਣਗੀਆਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਜਿਹਾ ਕਰਨਾ ਸਰਕਾਰੀ ਨਿਯਮਾਂ ਦੇ ਖਿਲਾਫ ਹੈ ਤਾਂ ਸਰਦਾਰ ਬਾਦਲ ਨੇਕਿਹਾ  ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾ ਬਾਹਰ ਕੱਢਣ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਉਹ ਇਸ ਪਹਿਲਕਦਮੀ ਦੀ ਅਗਵਾਈ ਕਰਨਗੇ ਅਤੇ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਬਰ ਤਿਆਰ ਹਨ।
ਸਰਦਾਰ ਬਾਦਲ ਨੇ ਇਸ ਮੌਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਸ਼ਿਕਾਇਤ ਕੀਤੀ ਕਿ ਆਪ ਸਰਕਾਰ ਉਹਨਾਂ ਦੀ ਮਦਦ ਵਾਸਤੇ ਨਿਤਰਣ ਵਿਚ ਨਾਕਾਮ ਰਹੀ ਹੈ ਅਤੇ ਕਿਸਾਨਾਂ ਨੇ ਬੰਨ ਆਪਣੇ ਬਲਬੂਤੇ ਆਪ ਮਜ਼ਬੂਤ ਕੀਤੇ ਹਨ। ਉਹਨਾਂ ਨੇ ਗਿੱਦੜਪਿੰਡੀ, ਦਰੇਵਾਲ, ਗੱਡਾ ਮੁੰਡੀ, ਕਾਸੀ ਅਤੇ ਥੰਮੂਵਾਲ ਬੰਨਾ ਦੀ ਮਜ਼ਬੂਤੀ ਵਾਸਤੇ ਪਿੰਡਾਂ ਦੀਆਂ ਕਮੇਟੀਆਂ ਨੂੰ 15 ਲੱਖ ਰੁਪਏ ਨਗਦ ਦਿੱਤੇ ਅਤੇ 25 ਹਜ਼ਾਰ ਡੀਜ਼ਲ ਵੀ ਪ੍ਰਦਾਨ ਕੀਤਾ।
ਸਰਦਾਰ ਬਾਦਲ ਨੇ ਨਕੋਦਰ ਵਿਚ ਸੰਘੋਵਾਲ, ਫਿਲੌਰ ਵਿਚ ਮਿਓਵਾਲ ਅਤੇ ਸਾਹਨੇਵਾਲ ਵਿਚ ਸਸਰਾਲੀ ਦਾ ਵੀ ਦੌਰਾ ਕੀਤਾ। ਉਹਨਾਂ ਨੇ ਬੰਨਾ ਵਾਲੀਆਂ ਤਿੰਨਾਂ ਥਾਵਾਂ ਦਾ ਦੌਰਾ ਕੀਤਾ ਅਤੇ ਨਗਦ 10 ਲੱਖ ਰੁਪਏ ਦਿੱਤੇ ਤੇ ਭਾਰੀ ਮਸ਼ੀਨਰੀ ਦੀ ਵਰਤੋਂ ਵਾਸਤੇ 15 ਹਜ਼ਾਰ ਲੀਟਰ ਡੀਜ਼ਲ ਵੀ ਦਿੱਤਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬੱਚਿਤਰ ਸਿੰਘ ਕੋਹਾੜ, ਰਾਜਕਮਲ ਸਿੰਘ ਗਿੱਲ, ਬਲਦੇਵ ਸਿੰਘ ਖਹਿਰਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ ਦਾ ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਵੱਲੋਂ ਕੀਤਾ ਗਿਆ ਸਫ਼ਲ ਇਲਾਜ

ਬੰਗਾ 5 ਸਤੰਬਰ () ਦੁਆਬੇ ਵਿਚ ਪਿਛਲੇ 41 ਸਾਲਾਂ ਤੋਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹੁਣ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ। ਪਿਛਲੇ ਇੱਕ ਮਹੀਨੇ ਵਿਚ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਵੇਲੇ ਸਿਰ ਐਂਟੀ ਸਨੇਕ ਵੇਨਮ  ਅਤੇ ਵੈਂਟੀਲੇਟਰ ਦੀ ਮਦਦ ਨਾਲ ਬਚਾਇਆ ਜਾ ਚੁੱਕਾ ਹੈ । ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਸਪਤਾਲ ਦੇ ਮੈਡੀਕਲ ਮਾਹਿਰ ਡਾ ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਅਤਿ ਆਧੁਨਿਕ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ । ਜਿਸ ਦੀ ਤਾਜ਼ਾ ਮਿਸਾਲ ਪਿੰਡ ਪੰਜੋਰਾ ਵਾਸੀ 70 ਸਾਲ ਦੇ ਮਰੀਜ਼ ਹਰਬੰਸ ਸਿੰਘ ਹੈ ਜਿਸ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਹੈ । ਮਰੀਜ਼ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ, ਜਦੋਂ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ, ਸਾਹ ਲੈਣ ਵਿਚ ਆ ਰਹੀ ਭਾਰੀ ਸਮੱਸਿਆ ਆਦਿ ਲੱਛਣ ਸਾਹਮਣੇ ਆਏ ਤਾਂ  ਉਪਰੰਤ ਪਰਿਵਾਰ ਵੱਲੋਂ ਉਸ ਨੂੰ ਛੇਤੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ।  ਮੁੱਢਲੀ ਜਾਂਚ ਦੌਰਾਨ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ ਤਾਂ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਐਮ.ਡੀ. ਮੈਡੀਸਨ ਦੀ ਅਗਵਾਈ ਵਿਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਜਸਰਾਜ ਸਿੰਘ ਨੇ ਨਰਸਿੰਗ ਸਟਾਫ ਨੂੰ ਨਾਲ ਲੈ ਕੇ ਸੀ.ਪੀ.ਆਰ. ਕੀਤਾ, ਜਿਸ ਨਾਲ ਮਰੀਜ਼ ਦੇ ਦਿਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਆਈ.ਸੀ.ਯੂ. ਵਿਭਾਗ ਵਿਚ ਭਰਤੀ ਕੀਤਾ ਗਿਆ । ਜਿੱਥੇ ਚਾਰ ਦਿਨ ਵੈਂਟੀਲੇਟਰ ਦੀ ਮਦਦ ਦੇ ਨਾਲ-ਨਾਲ ਸੱਪ ਦੇ ਡੰਗੇ ਜਾਣ 'ਤੇ ਮਰੀਜ਼ ਦਾ ਇਲਾਜ ਕਰਨ ਵਾਲੀਆਂ ਖਾਸ ਦਵਾਈਆਂ (ਸੱਪ ਦੀ ਜ਼ਹਿਰ ਦਾ ਐਂਟੀਡਾਟ) ਨਾਲ ਇਲਾਜ ਕੀਤਾ ਗਿਆ । ਡਾਕਟਰ ਸਾਹਿਬ ਦੀ ਸਾਰੀ ਟੀਮ ਦੇ ਅਣਥੱਕ ਯਤਨਾਂ ਸਦਕਾ ਮਰੀਜ਼ ਨੂੰ ਨਵਾਂ ਜੀਵਨ ਮਿਲਿਆ । ਹੁਣ ਮਰੀਜ਼ ਹਰਬੰਸ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਢਾਹਾਂ ਕਲੇਰਾਂ ਨੇ ਮਰੀਜ਼ ਦਾ ਵਧੀਆ  ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ ਅਤੇ ਸਮੂਹ ਟੀਮ ਨੂੰ ਵਧਾਈ ਦਿੱਤੀ । ਡਾ. ਵਿਵੇਕ ਗੁੰਬਰ ਨੇ  ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਸੱਪਾਂ ਦੀਆਂ ਪ੍ਰਮੁੱਖ ਚਾਰ ਪ੍ਰਜਾਤੀਆਂ ਦੇ ਕਾਰਨ ਹੁੰਦੀਆਂ ਹਨ ਜਿਹਨਾਂ ਵਿਚ ਕਾਮਨ ਕਰੇਟ, ਇੰਡੀਅਨ ਕੋਬਰਾ, ਰਸਲਜ਼ ਵਾਈਪਰ ਅਤੇ ਸਾਅ ਸਕੇਲਡ ਵਾਈਪਰ ਆਦਿ ਸ਼ਾਮਿਲ ਹਨ, ਪਰ ਬਹੁਤ ਸਾਰੇ ਲੋਕ ਅਗਿਆਨਤਾ ਜਾਂ ਹੋਰ ਕਾਰਨਾਂ ਕਰਕੇ ਵੇਲੇ ਸਿਰ ਉਸ ਸਿਹਤ ਕੇਂਦਰ ਤੱਕ ਪਹੁੰਚ ਹੀ ਨਹੀਂ ਪੁੱਜਦੇ ਜਿੱਥੇ ਐਂਟੀਵੇਨਮ (ਸੱਪ ਦੀ ਜ਼ਹਿਰ ਤੋਂ ਬਚਾਉਣ ਵਾਲਾ ਟੀਕਾ) ਉਪਲਬਧ ਹੋਵੇ ਅਤੇ ਕਿਉਂਕਿ ਇਹ ਟੀਕਾ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ । ਕਈ ਵਾਰ ਲੋਕਾਂ ਵੱਲੋਂ ਵਹਿਮਾਂ ਭਰਮਾਂ ਵਿੱਚ ਉਲਝ ਕੇ "ਮਣਕਾ, ਜਾਦੂ ਟੂਣਾ" ਆਦਿ ਕਰਵਾਉਣ ਵਿੱਚ ਕੀਮਤੀ ਸਮਾਂ ਖਰਾਬ ਕਰ ਦਿੱਤਾ ਤਾਂ ਉਸ ਮਰੀਜ਼ ਮੌਤ ਵੀ ਹੋ ਸਕਦੀ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਨੇ ਹਰਬੰਸ ਸਿੰਘ ਦਾ ਵਧੀਆ ਇਲਾਜ ਕਰਨ ਲਈ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਰਣਨਯੋਗ ਹੈ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਵਾਰਡ ਹਨ ਜਿੱਥੇ 24 ਘੰਟੇ ਮਾਹਿਰ ਡਾਕਟਰ ਸਾਹਿਬਾਨ ਤਾਇਨਾਤ ਰਹਿੰਦੇ ਹਨ ।
ਫੋਟੋ ਕੈਪਸ਼ਨ : ਆਈ ਸੀ ਯੂ ਵਿਚ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਹਰਬੰਸ ਸਿੰਘ ਨਾਲ ਡਾਕਟਰ ਵਿਵੇਕ ਗੁੰਬਰ, ਡਾ. ਕੁਲਦੀਪ ਸਿੰਘ ਤੇ ਹਸਪਤਾਲ ਸਟਾਫ਼ ਨਾਲ 

ਬਾਕਸ ਲਈ  : ਸੱਪ ਡੰਗਣ ਦੇ ਪ੍ਰਮੁੱਖ ਲੱਛਣ :- ਅੱਖਾਂ ਦਾ ਆਪ ਮੁਹਾਰੇ ਬੰਦ ਹੋਣਾ , ਪੇਟ ਦਰਦ, ਉਲਟੀ ਆਦਿ ਲੱਛਣਾਂ ਹੋਣ ਤਾਂ ਮਰੀਜ਼ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ , ਹੋ ਸਕਦਾ ਹੈ ਸੱਪ ਨੇ ਡੰਗਿਆ ਹੋਵੇ ।  ਇਹਨਾਂ ਹਾਲਤਾਂ ਵਿਚ ਮਰੀਜ਼ ਦੀ ਜਾਨ ਬਚਾਉਣ ਲਈ ਨੇੜਲੇ ਹਸਪਤਾਲ ਵਿਚ ਲਿਜਾ ਕੇ ਮਾਹਿਰ ਡਾਕਟਰ ਸਾਹਿਬਾਨ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ । 

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

:

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ  ਕੀਤਾ ਦੌਰਾ

- ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਦਾ  ਦਿੱਤਾ ਭਰੋਸਾ

- ਕਿਹਾ, ਸੰਕਟ ਦੀ ਇਸ ਘੜੀ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਪੂਰੀ ਤਾਕਤ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ

ਟਾਂਡਾ/ਹੁਸ਼ਿਆਰਪੁਰ, 4 ਸਤੰਬਰ :   ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਹਿਲਾਂ ਰੜਾ ਪੁਲ ਦਾ ਨਿਰੀਖਣ ਕੀਤਾ ਅਤੇ ਧੁੱਸੀ ਬੰਨ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਬਾਅਦ, ਉਹ ਪਿੰਡ ਮਿਆਣੀ ਦੇ ਸਰਕਾਰੀ ਹਾਈ ਸਕੂਲ ਵਿਚ ਸਥਾਪਿਤ ਰਾਹਤ ਕੈਂਪ ਪਹੁੰਚੇ, ਜਿਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਰਾਹਤ ਕਾਰਜਾਂ ਵਿਚ ਲੱਗੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਉਨ੍ਹਾਂ ਨੂੰ ਪੀ.ਪੀ.ਟੀ ਰਾਹੀਂ ਜ਼ਿਲ੍ਹੇ ਦੀ ਹੜ੍ਹਾਂ ਸਬੰਧੀ ਸਥਿਤੀ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪੂਰੀ ਤਾਕਤ ਨਾਲ ਪ੍ਰਭਾਵਿਤ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਦੀ ਪੂਰੀ ਟੀਮ ਦਿਨ-ਰਾਤ ਬਚਾਅ ਅਤੇ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ, ਉਥੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਟੀਮ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਡਰੇਨੇਜ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ। ਕੇਂਦਰ ਦੇ ਪ੍ਰਤੀਨਿਧੀ ਹੋਣ ਦੇ ਨਾਤੇ, ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਗਏ ਮੁਆਵਜ਼ੇ ਦੇ ਪ੍ਰਸਤਾਵਾਂ ਨੂੰ ਭਾਰਤ ਸਰਕਾਰ ਕੋਲ ਲੈ ਕੇ ਉਨ੍ਹਾਂ ਦੀ ਪ੍ਰਵਾਨਗੀ ਯਕੀਨੀ ਬਣਾਉਣਗੇ।

ਰਾਜਪਾਲ ਨੇ ਕਿਹਾ ਕਿ ਇਸ ਹੜ੍ਹ ਨੇ ਸੂਬੇ ਭਰ ਵਿਚ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕੈਂਪਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਜੋ ਕਿ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਪ੍ਰਭਾਵਿਤ ਹੋਇਆ ਹੈ, ਪ੍ਰਸ਼ਾਸਨ ਲਗਾਤਾਰ ਸਰਗਰਮ ਹੈ। ਇਸ ਵੇਲੇ ਜ਼ਿਲ੍ਹੇ ਵਿੱਚ ਪੰਜ ਰਾਹਤ ਕੈਂਪ ਚੱਲ ਰਹੇ ਹਨ, ਜਿੱਥੇ ਲਗਭਗ ਇੱਕ ਹਜ਼ਾਰ ਲੋਕ ਰਹਿ ਰਹੇ ਹਨ। ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਧੁੱਸੀ ਡੈਮ ਦੀ ਸੁਰੱਖਿਆ ਲਈ ਬਿਆਸ ਪੁਲ ਦੇ ਨੇੜੇ ਦੋਵੇਂ ਪਾਸੇ ਪੱਥਰਾਂ ਨੂੰ ਪਿੱਚ ਕਰਨ ਲਈ ਪ੍ਰਸਤਾਵ ਭੇਜਿਆ ਜਾਵੇਗਾ, ਤਾਂ ਜੋ ਭਵਿੱਖ ਵਿੱਚ ਕਟੌਤੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਰਾਜਪਾਲ ਨੇ ਇਹ ਵੀ ਕਿਹਾ ਕਿ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ, ਹੜ੍ਹਾਂ ਨਾਲ ਪ੍ਰਭਾਵਿਤ ਹੋਏ ਘਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭ ਦੇਣ ਲਈ ਪ੍ਰਸਤਾਵ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਮੌਕੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਵੀ.ਪੀ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ ਸੰਦੀਪ ਕੁਮਾਰ ਮਲਿਕ, ਏ.ਡੀ.ਸੀ (ਵਿਕਾਸ) ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਐਸ.ਡੀ.ਐਮ ਪਰਮਪ੍ਰੀਤ ਸਿੰਘ, ਐਸ.ਪੀ ਡਾ. ਮੁਕੇਸ਼ ਅਤੇ ਹੋਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ।

--

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ
ਬੰਗਾ 04 ਸਤੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਸਾਲ 2025 ਦਾ ਵਿਦਿਅਕ ਸ਼ੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ ਹੋਇਆ । ਇਸ ਮੌਕੇ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕੀਤੀ ਗਈ । ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ । ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਕਾਲਜ ਦੇ ਨਵੇਂ ਸ਼ੈਸ਼ਨ  ਦੀ ਆਰੰਭਤਾ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਭੇਜੇ ਸੰਦੇਸ਼ ਵਿਚ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਉਹਨਾਂ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ  ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ  ਹੋਏ ਗੁਰਮਤਿ ਸਮਾਗਮ ਵਿਚ  ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਰਾਬੀਆ ਹਾਟਾ, ਮੈਡਮ ਵੰਦਨਾ ਬਸਰਾ, ਸਮੂਹ ਸਟਾਫ਼ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ :-  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿੱਦਿਅਕ ਸੈਸ਼ਨ 2025-26 ਆਰੰਭਤਾ ਮੌਕੇ ਹੋਏ ਸਮਾਗਮ ਦੀਆਂ ਝਲਕੀਆਂ 

ਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

 

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਕੀਤੇ ਅਪਰੇਸ਼ਨ ਨਾਲ 116 ਕਿਲੋ ਭਾਰੇ ਰੋਗੀ ਨੂੰ ਮਿਲੀ ਨਵੀਂ ਜ਼ਿੰਦਗੀ

ਬੰਗਾ, 03 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ 116ਕਿਲੋਗ੍ਰਾਮ ਭਾਰ ਵਾਲੇ ਮੋਟਾਪੇ ਕਾਰਨ ਅੰਕਸ਼ ਦਿਲ ਦੇ ਰੋਗੀ ਮਰੀਜ਼ ਦੇ ਖਰਾਬ ਪਿੱਤੇ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਡਾ. ਬੈਂਸ ਨੇ ਦੱਸਿਆ ਕਿ ਸਰਜਰੀ ਵਿਭਾਗ ਦੀ ਉ ਪੀ ਡੀ ਵਿਚ 56 ਸਾਲ ਦੀ ਮਰੀਜ਼ ਬੀਬੀ ਸਵਿਤਾ ਰਾਣੀ ਆਏ ਉਹਨਾਂ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ ਉਹਨਾਂ ਦਾ ਪਿੱਤਾ, ਪੱਥਰੀਆਂ ਕਰਕੇ ਖਰਾਬ ਹੋ ਰਿਹਾ ਹੈ ਅਤੇ ਸੋਜਿਜ਼ ਵੀ ਵੱਧ ਰਹੀ ਹੈ ਉਹਨਾਂ ਦਾ ਭਾਰ ਜ਼ਿਆਦਾ ਹੋਣ ਕਰਕੇ ਪੈਦਾ ਹੋਈਆਂ ਕੁਝ ਅਲਾਮਤਾਂ ਕਰਕੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲੋਂ ਜਵਾਬ ਮਿਲ ਚੁੱਕਾ ਸੀ ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਡਾ. ਮਾਨਵਦੀਪ ਸਿੰਘ ਬੈਂਸ ਕੋਲ ਲਿਆਂਦਾ ਗਿਆ ਸੀ ਪਰਿਵਾਰ ਨਾਲ ਮਸ਼ਵਰੇ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਦਾ ਲੈਪਰੋਸਕੋਪਿਕ ਸਰਜਰੀ ਨਾਲ ਅਪਰੇਸ਼ਨ ਕਰਕੇ ਖਰਾਬ ਪਿੱਤਾ ਬਾਹਰ ਕੱਢਿਆ ਗਿਆ ਗੁਰੂ ਨਾਨਕ‍ ਮਿਸ਼ਨ ਹਸਪਤਾਲ ਦੇ ਮੈਡੀਕਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਗੁੰਬਰ ਅਤੇ ਐਨਸਥੀਸੀਆ ਮਾਹਿਰ ਡਾ. ਦੀਪਕ ਦੁੱਗਲ ਐਮ ਡੀ ਵੱਲੋਂ ਹਾਈਰਿਸਕ ਮਰੀਜ਼ ਦੀ ਦਿਲ ਦੀ ਬਿਮਾਰੀ ਦਾ ਧਿਆਨ ਰੱਖਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ  ਹੁਣ ਅਪਰੇਸ਼ਨ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਤੰਦਰੁਸਤ ਹੈ ਅਤੇ ਖੁਸ਼ ਹਨ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸਵਿਤਾ ਰਾਣੀ ਦਾ ਵਧੀਆ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵੀ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਟੀਮ ਨੂੰ ਵਧਾਈ ਦਿੱਤੀ ਵਰਨਣਯੋਗ ਹੈ ਕਿ  ਸਰਜਰੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੱਤੇ ਦੀਆਂ ਪੱਥਰੀਆਂ, ਹਰਨੀਆਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਐਮਰੀਜੈਂਸੀ, ਆਈ,ਸੀ,ਯੂ,, ਐਚ,ਡੀ,ਯੂ, ਵਾਰਡ, ਅਪਰੇਸ਼ਨ ਥੀਏਟਰ ਆਦਿ ਮੌਜੂਦ ਹਨ, ਜਿੱਥੇ ਤਾਇਨਾਤ ਮਾਹਿਰ ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ 24 ਘੰਟੇ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਕਰਦਾ ਹੈ ।

 ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਬੀਬੀ ਸਵਿਤਾ ਰਾਣੀ  ਸਫਲ ਅਪਰੇਸ਼ਨ ਉਪਰੰਤ ਡਾ. ਮਾਨਵਦੀਪ ਸਿੰਘ ਬੈਂਸ, ਡਾ. ਵਿਵੇਕ ਗੁੰਬਰ, ਹਸਪਤਾਲ ਸਟਾਫ਼ ਅਤੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਭਰੇ ਮਾਹੌਲ ਵਿਚ

 

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਆਗਾਜ਼ 2025 ਦਾ ਆਯੋਜਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਆਗਾਜ਼ 2025 ਦਾ ਆਯੋਜਨ
ਮਿਸ ਫਰੈਸ਼ਰ ਸੁਖਮਨੀ ਕੌਰ ਅਤੇ ਮਿਸਟਰ ਫਰੈਸ਼ਰ ਮਨੀਸ਼ ਕੁਮਾਰ ਚੁਣੇ ਗਏ
ਬੰਗਾ 1 ਸਤੰਬਰ ()  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਸਾਲ 2025 ਦੇ ਬੀ. ਐਸ. ਸੀ. ਅਤੇ ਐਮ. ਐਸ. ਸੀ. ਦੇ ਨਵੇਂ ਬੈਚਾਂ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਅਤੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੀ ਵਿਦਾਇਗੀ ਲਈ ਫਰੈਸ਼ਰ ਪਾਰਟੀ ਅਤੇ ਫੇਅਰਵੈੱਲ ਪਾਰਟੀ ਅਗਾਜ਼ 2025 ਦਾ ਆਯੋਜਨ ਢਾਹਾਂ ਕਲੇਰਾਂ ਵਿਖੇ ਕੀਤਾ ਗਿਆ, ਜਿਸ ਵਿਚ ਮਿਸ ਫਰੈਸ਼ਰ ਸੁਖਮਨੀ ਕੌਰ ਅਤੇ ਮਿਸਟਰ ਫਰੈਸ਼ਰ ਮਨੀਸ਼ ਕੁਮਾਰ ਚੁਣੇ ਗਏ ।  ਇਸ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸਾਬਕਾ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਸਨ । ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਉਹਨਾਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਡਿਗਰੀ ਕੋਰਸਾਂ ਦੀ ਵਧੀਆ ਪੜ੍ਹਾਈ ਕਰਕੇ ਅਵੱਲ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ । ਉਹਨਾਂ ਕਿਹਾ ਕਿ ਇਸ ਕਾਲਜ  ਵਿਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਿਖਾਇਆ ਜਾਂਦਾ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ । ਜਿਸ ਦੇ ਨਾਲ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਕਾਦਮਿਕ ਮੌਕੇ ਮਿਲਦੇ ਹਨ । ਉਹਨਾਂ ਨੇ ਕਾਲਜ ਦੇ ਪਹਿਲੇ ਬੈਚ ਦੇ ਪਾਸਆਊਟ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਲਈ ਆਪਣਾ ਅਸ਼ੀਰਵਾਦ ਦਿੱਤਾ । ਸਮਾਰੋਹ ਵਿਚ  ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਅਤੇ ਸ. ਵਰਿੰਦਰ ਸਿੰਘ ਬਰਾੜ ਐਚ ਆਰ ਨੇ ਨਵੇਂ ਦਾਖਲ ਹੋਏ ਤੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।
ਫਰੈਸ਼ਰ ਪਾਰਟੀ ਅਗਾਜ਼ 2025 ਵਿਚ ਬੀ.ਐੱਸ.ਸੀ. ਅਤੇ ਐਮ.ਐਸ.ਸੀ. ਕੋਰਸਾਂ ਦੇ ਨਵੇਂ ਦਾਖਲ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ, ਗਿੱਧਾ, ਹਿਮਾਚਲੀ ਨਾਟੀ ਡਾਂਸ, ਮਹਾਰਾਸ਼ਟਰ ਦਾ ਲਾਵਨੀ ਡਾਂਸ, ਲੇਜ਼ੀ ਡਾਂਸ , ਕਲਾਸੀਕਲ ਡਾਂਸ, ਹਰਿਆਣਵੀ ਡਾਂਸ, ਬੌਲੀਵੁੱਡ ਡਾਂਸ ਆਦਿ ਦੀਆਂ ਕੋਰੀਉਗਰਾਫੀ ਪੇਸ਼ ਕਰਕੇ ਸਟੇਜ 'ਤੇ ਪੂਰੇ ਭਾਰਤ ਦੇਸ ਦੇ ਸਭਿਆਚਾਰ ਨੂੰ ਪੇਸ਼ ਕਰਕੇ ਸਰੋਤਿਆ ਦਾ ਮਨ ਮੋਹ ਲਿਆ । ਫਰੈਸ਼ਰ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਮਿਸ ਫਰੈਸ਼ਰ 2025 ਸੁਖਮਨੀ ਕੌਰ ਅਤੇ ਮਿਸਟਰ ਫਰੈਸ਼ਰ 2025  ਮਨੀਸ਼ ਕੁਮਾਰ ਚੁਣੇ ਗਏ । ਜਦ ਕਿ ਮਿਸਟਰ ਚਾਰਮਿੰਗ ਰਾਹੁਲ ਕੁਮਾਰ , ਮਿਸ ਐਲੀਗੈਂਟ ਸੰਜਨਾ, ਮਿਸ ਕ੍ਰੀਏਟਿਵ ਜਸ਼ਰਨ ਕੌਰ, ਮਿਸ ਟੇਲੈਂਟਟਿਡ ਰਮਨਦੀਪ ਕੌਰ, ਮਿਸਟਰ ਟੇਲੈਂਟਟਿਡ ਪ੍ਰਿੰਸ ਅਤੇ ਮਿਸ ਅਚੀਵਰ ਨੇਹਾ ਨੂੰ ਚੁਣਿਆ ਗਿਆ । ਇਸ ਮੌਕੇ ਜੱਜਾਂ ਦੀ ਅਹਿਮ ਜ਼ਿੰਮੇਦਾਰੀ ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸ੍ਰੀ ਸਰਵਣ ਕੁਮਾਰ ਮੈਨੇਜਰ ਟੋਲ ਪਲਾਜ਼ਾ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਜੋਤੀ ਭਾਟੀਆ ਫਰੰਟ ਡੈਸਕ ਮਨੈਜਰ ਨੇ ਬਾਖੂਬੀ ਨਿਭਾਈ । ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਵਿਦਿਆਰਥੀਆਂ ਨੂੰ ਸਨਾਮਨ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ । ਸਮਾਗਮ ਦੇ ਅੰਤ ਵਿਚ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਵੱਲੋ ਮੁੱਖ ਮਹਿਮਾਨ ਅਤੇ ਫਰੈਸ਼ਰ ਪਾਰਟੀ ਅਗਾਜ਼ 2025 ਨੂੰ ਸਫਲ ਕਰਨ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਸਹਿਯੋਗੀਆਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਖਿਤਾਬ ਜੇਤੂਆਂ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਆਗਾਜ਼-2025 ਨੂੰ ਯਾਦਗਾਰੀ ਬਣਾਉਣ ਅਤੇ ਸਫਲ ਕਰਨ ਲਈ ਸਰਵਸ਼੍ਰੇਸ਼ਠ ਯੋਗਦਾਨ ਹੈੱਡ ਆਫ ਡਿਪਾਰਟਮੈਂਟ ਮੈਡਮ ਪਿਊਸ਼ੀ ਯਾਦਵ ਅਤੇ ਉਹਨਾਂ ਦੇ ਸਹਿਯੋਗੀਆਂ ਮੈਡਮ ਆਰਚੀ ਭਟੇਜਾ ਅਤੇ ਸ੍ਰੀ ਵਿਕਾਸ ਭਾਰਦਵਾਜ ਦਾ ਰਿਹਾ । ਇਸ ਸਮਾਰੋਹ ਦੀ ਸਫਲਤਾ ਦਾ ਸਿਹਰਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੀ ਸਮੂਹ ਫੈਕਲਿਟੀ ਟੀਮ ਸ੍ਰੀ ਰਾਹੁਲ ਵਰਮੋਤਾ, ਸ੍ਰੀ ਰਮਨ ਕੁਮਾਰ, ਸ੍ਰੀ ਰਿਤਿਕ ਕੁਮਾਰ ਪਾਠਕ, ਮੈਡਮ ਅੰਜਲੀ ਜੈ ਸਿੰਘ, ਸ੍ਰੀ ਧੀਰ ਸਿੰਘ, ਮੈਡਮ ਇੰਦੂ ਬਾਲਾ, ਸ੍ਰੀ ਵਿਵੇਕ ਸ਼ਰਮਾ ਅਤੇ ਮੈਡਮ ਚੈਰੀ ਦਾ ਰਿਹਾ ਹੈ । ਇਸ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਮੰਚ ਉੱਪਰ ਨੱਚਣ ਦਾ ਖੁੱਲਾ ਸੱਦਾ ਦਿੱਤਾ ਗਿਆ, ਜਿਸ ਦਾ ਉਹਨਾਂ ਨੇ ਖੂਬ ਆਨੰਦ ਮਾਣਿਆ ।
ਫੋਟੋ ਕੈਪਸ਼ਨ : ਫਰੈਸ਼ਰ ਪਾਰਟੀ ਅਗਾਜ਼ 2025 ਵਿਚ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਡਾ ਕੁਲਵਿੰਦਰ ਸਿੰਘ ਢਾਹਾਂ ਯਾਦਗਾਰੀ ਤਸਵੀਰ